ਗਾਯਤ੍ਰੀ ਮੰਤ੍ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗਾਇਤ੍ਰੀ/ਗਾਯਤ੍ਰੀ ਮੰਤ੍ਰ: ਇਹ ਵੈਦਿਕ ਮੰਤ੍ਰ ਮੂਲ ਰੂਪ ਵਿਚ ਇਕ ਛੰਦ ਦਾ ਨਾਂ ਹੈ ਜਿਸ ਦੀ ਵਰਤੋਂ ‘ਰਿਗ-ਵੇਦ’ ਵਿਚ ਹੋਈ ਹੈ। ਇਸ ਵਿਚ ਅੱਠ ਅੱਠ ਅੱਖਰਾਂ ਦੇ ਤਿੰਨ ਚਰਣ ਹਨ। ‘ਰਿਗ-ਵੇਦ’ ਵਿਚ ਇਸ ਛੰਦ ਦੀ ਸਭ ਤੋਂ ਵਧ ਵਰਤੋਂ ਹੋਈ ਹੈ। ਇਸ ਦਾ ਅਰਥ ਹੈ—ਗਾਉਣ ਵਾਲੇ ਦੀ ਰਖਿਆ ਕਰਨ ਵਾਲੀ (ਗਾਯੰਤੰ ਤ੍ਰਾਯਤੇ ਇਤਿ)।

            ਜਦ ਛੰਦ ਜਾਂ ਵਾਕ ਦੇ ਰੂਪ ਵਿਚ ਸ੍ਰਿਸ਼ਟੀ ਦੇ ਪ੍ਰਤੀਕ ਦੀ ਕਲਪਨਾ ਕੀਤੀ ਜਾਣ ਲਗੀ ਤਾਂ ਇਸ ‘ਵਿਸ਼ਵ’ ਨੂੰ ਤ੍ਰਿਪਦਾ ਗਾਯਤ੍ਰੀ ਦਾ ਸਰੂਪ ਮੰਨਿਆ ਗਿਆ। ਜਦ ਗਾਯਤ੍ਰੀ ਦੇ ਰੂਪ ਵਿਚ ਜੀਵਨ ਦੀ ਪ੍ਰਤੀਕਾਤਮਕ ਵਿਆਖਿਆ ਹੋਣ ਲਗੀ ਤਦ ਗਾਯਤ੍ਰੀ ਛੰਤ ਦੀ ਵਧਦੀ ਹੋਈ ਮਹਿਮਾ ਦੇ ਅਨੁਰੂਪ ਇਕ ਵਿਸ਼ੇਸ਼ ਛੰਦ (ਮੰਤ੍ਰ) ਦੀ ਰਚਨਾ ਹੋਈ ਜਿਸ ਦਾ ਪਾਠ ਇਸ ਪ੍ਰਕਾਰ ਹੈ— ਤਤੑ ਵਿਤੁਰੑ ਵਰੇਣੑਯੰ, ਭਰੑਗੋ ਦੇਵਸੑਯ ਧੀਮਹਿ, ਧਿਯੋ ਯੋ : ਪ੍ਰਚੋਦਯਾਤ (ਰਿਗ-ਵੇਦ’ 4.62.10)। ਮਹਾਨਕੋਸ਼ਕਾਰ ਨੇ ਇਸ ਦਾ ਅਰਥ ਇਸ ਪ੍ਰਕਾਰ ਕੀਤਾ ਹੈ— ‘‘ਜੋ ਸੂਰਜ ਦੇਵਤਾ ਸਭ ਨੂੰ ਜਿਵਾਉਂਦਾ ਹੈ, ਦੁਖਾਂ ਤੋਂ ਛੁੜਵਾਉਂਦਾ ਹੈ, ਪ੍ਰਕਾਸ਼ ਰੂਪ ਹੈ, ਵੇਨਤੀ ਕਰਨ ਯੋਗੑਯ ਹੈ, ਪਾਪ ਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧੑਯਾਨ ਕਰਦੇ ਹਾਂ।’’ ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮ-ਕੋਸ਼’) ਅਨੁਸਾਰ ਇਸ ਦਾ ਅਰਥ ਇੰਜ ਹੈ— ‘ਅਸੀਂ ਸਵਿਤਾ ਦੇਵ ਦੇ ਪ੍ਰਾਰਥਨਾ ਕਰਨ ਯੋਗ ਪ੍ਰਕਾਸ਼ ਨੂੰ ਧਾਰਣ ਕਰਦੇ ਹਾਂ। ਉਹ ਸਾਡੀ ਬੁੱਧੀ ਨੂੰ ਪ੍ਰੇਰਿਤ ਕਰਦਾ ਹੈ।’’

            ਉਪਰੋਕਤ ਮੰਤ੍ਰ ਡਾ. ਵਾਸੁਦੇਵ ਸ਼ਰਣ ਅਗ੍ਰਵਾਲ ਅਨੁਸਾਰ ਚਹੁੰਆਂ ਵੇਦਾਂ ਵਿਚ ਮਿਲਦਾ ਹੈ। ਇਸ ਦਾ ਰਿਸ਼ੀ ਵਿਸ਼ਵਾਮਿਤ੍ਰ ਹੈ ਅਤੇ ਦੇਵਤਾ ਸਵਿਤਾ (ਸੂਰਜ) ਹੈ। ਉਂਜ ਤਾਂ ਇਹ ਮੰਤ੍ਰ ਵਿਸ਼ਵਾਮਿਤ੍ਰ ਦੇ ਇਸ ਸੂਕੑਤ ਦੇ 18 ਮੰਤ੍ਰਾਂ ਵਿਚ ਕੇਵਲ ਇਕ ਹੈ, ਪਰ ਅਰਥ ਦੀ ਦ੍ਰਿਸ਼ਟੀ ਤੋਂ ਇਸ ਦੀ ਮਹਿਮਾ ਦਾ ਅਨੁਭਵ ਆਰੰਭ ਵਿਚ ਹੀ ਰਿਸ਼ੀਆਂ ਨੇ ਕਰ ਲਿਆ ਸੀ ਅਤੇ ਸੰਪੂਰਣ ‘ਰਿਗ-ਵੇਦ’ ਦੇ 10 ਹਜ਼ਾਰ ਮੰਤ੍ਰਾਂ ਵਿਚ ਇਸ ਮੰਤ੍ਰ ਦੇ ਅਰਥ ਦੀ ਗੰਭੀਰ ਅਭਿਵਿਅਕਤੀ ਸਭ ਨਾਲੋਂ ਅਧਿਕ ਕੀਤੀ ਹੈ। ਇਸ ਮੰਤ੍ਰ ਵਿਚ 24 ਅੱਖਰ ਹਨ। ਅੱਠ ਅੱਠ ਅੱਖਰਾਂ ਦੇ ਇਸ ਵਿਚ ਤਿੰਨ ਚਰਣ ਹਨ ਪਰ ਬ੍ਰਾਹਮਣ ਗ੍ਰੰਥਾਂ ਵਿਚ ਅਤੇ ਬਾਦ ਦੇ ਸਾਰੇ ਸਾਹਿਤ ਵਿਚ ਇਨ੍ਹਾਂ ਅੱਖਰਾਂ ਤੋਂ ਪਹਿਲਾਂ ਤਿੰਨ ਉਕਤੀਆਂ (ਵਿਵਾਹ੍ਰਿਤੀਆਂ) ਅਤੇ ਉਨ੍ਹਾਂ ਤੋਂ ਪਹਿਲਾਂ ਓਅੰਕਾਰ ਨੂੰ ਜੋੜ ਦਿੱਤਾ ਗਿਆ ਹੈ— ‘‘ਓਂ ਭੂ: ਭੁਵ: ਸੑਵ :’’। ਹੁਣ ਇਹੀ ਗਾਯਤ੍ਰੀ ਜਪ ਦਾ ਪਾਠ ਹੈ।

            ਇਸ ਦਾ ਇਕ ਨਾਂ ‘ਸਾਵਿਤ੍ਰੀ’ ਵੀ ਹੈ। ਇਸ ਨਾਂ ਬਾਰੇ ‘ਪਦਮ-ਪੁਰਾਣ’ ਵਿਚ ਲਿਖਿਆ ਹੈ ਕਿ ਇਕ ਵਾਰ ਯੱਗ ਕਰਨ ਵਾਲੇ ਬ੍ਰਹਮਾ ਨੇ ਆਪਣੀ ਅਰਧਾਗਿਨੀ ਨੂੰ ਬੁਲਾਉਣ ਲਈ ਇੰਦ੍ਰ ਨੂੰ ਭੇਜਿਆ। ਪਰ ਆਪਣੀਆਂ ਸਹੇਲੀਆਂ ਤੋਂ ਬਿਨਾ ਆਉਣ ਤੋਂ ਸਾਵਿਤ੍ਰੀ ਨੇ ਨਾਂਹ ਕਰ ਦਿੱਤੀ। ਤਾਂ ਇੰਦ੍ਰ ਨੇ ਬ੍ਰਹਮਾ ਦੇ ਆਦੇਸ਼ ਅਨੁਸਾਰ ਮਾਤ-ਲੋਕ ਤੋਂ ਗਾਯਤ੍ਰੀ ਨਾਂ ਦੀ ਇਕ ਗਵਾਲਨ ਲਿਆਉਂਦੀ ਜਿਸ ਨਾਲ ਬ੍ਰਹਮਾ ਨੇ ਗੰਧਰਵ ਵਿਆਹ ਕਰਕੇ ਯੱਗ ਦੀ ਮਰਯਾਦਾ ਪੂਰੀ ਕੀਤੀ। ਇਸ ਤਰ੍ਹਾਂ ਗਾਯਤ੍ਰੀ ‘ਸਾਵਿਤ੍ਰੀ’ ਨਾਂ ਨਾਲ ਵੀ ਜਾਣੀ ਜਾਣ ਲਗੀ।

            ਗਾਯਤ੍ਰੀ-ਮੰਤ੍ਰ ਦੇ ਤਿੰਨ ਚਰਣ ਕਿਉਂ ਹਨ? ਇਸ ਬਾਰੇ ਰਵਾਇਤ ਹੈ ਕਿ ਵਿਸ਼ਵਾਮਿਤ੍ਰ ਵਸਿਸ਼ਠ ਮੁਨੀ ਦੇ ਪੁੱਤਰਾਂ ਨੂੰ ਮਾਰਨ ਦਾ ਪਾਪ ਗਾਯਤ੍ਰੀ-ਮੰਤ੍ਰ ਦੇ ਜਪ ਨਾਲ ਦੂਰ ਕਰ ਲੈਂਦਾ ਸੀ। ਇਸ ਦੀ ਪ੍ਰਤਿਕ੍ਰਿਆ ਵਜੋਂ ਵਸਿਸ਼ਠ ਨੇ ਇਸ ਮੰਤ੍ਰ ਦਾ ਇਕ ਚਰਣ ਭੰਗ ਕਰ ਦਿੱਤਾ ਜਿਸ ਕਰਕੇ ਇਸ ਦੀ ਸ਼ਕਤੀ ਘਟ ਗਈ

            ਗਾਯਤ੍ਰੀ ਬਾਰੇ ਇਹ ਕਥਾ ਵੀ ਪ੍ਰਚਲਿਤ ਹੈ ਕਿ ਬ੍ਰਹਮਾ ਦੀ ਪਤਨੀ ਹੋਣ ਨਾਤੇ ਜਦੋਂ ਗਾਯਤ੍ਰੀ ਨੂੰ ਹੰਕਾਰ ਹੋ ਗਿਆ ਤਾਂ ਇਹ ਗਊ ਦੀ ਜੂਨ ਵਿਚ ਪੈ ਗਈ ਅਤੇ ਜਦੋਂ ਇਕ ਵਾਰ ਉਹ ਲੋਧੇ ਜੱਟ ਦੇ ਖੇਤ ਵਿਚ ਚਰ ਰਹੀ ਸੀ ਤਾਂ ਜੱਟ ਨੇ ਉਸ ਦੀ ਡਾਂਗ ਨਾਲ ਲੱਤ ਭੰਨ ਦਿੱਤੀ। ਇਸ ਬਾਰੇ ਭਗਤ ਨਾਮਦੇਵ ਨੇ ਕਿਹਾ ਹੈ— ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ (ਗੁ.ਗ੍ਰੰ.874-75)।

            ਸਿੱਖ ਧਰਮ ਵਿਚ ਗਾਇਤ੍ਰੀ ਜਪ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। ਗੁਰੂ ਅਮਰਦਾਸ ਜੀ ਨੇ ਸਤਿ-ਸਰੂਪ ਪਰਮਾਤਮਾ ਦੀ ਵਾਸਤਵਿਕਤਾ ਤੋਂ ਬਿਨਾ ਸੰਧਿਆ, ਤਰਪਣ ਅਤੇ ਗਾਇਤ੍ਰੀ ਜਪ ਵਿਅਰਥ ਦਸੇ ਸਨ—ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ (ਗੁ.ਗ੍ਰੰ.603)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.